ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮੂੰਹੋਂ ਉਚਾਰੇ ਜਾਂ ਲਿਖੇ ਵਿਚਾਰਾਂ, ਭਾਵਾਂ ਅਤੇ ਇੱਛਾਵਾਂ ਆਦਿ ਨੂੰ ਦੂਜੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ। ਦੁਨੀਆ ਵਿੱਚ ਬੋਲੀਆਂ ਜਾਂਦੀਆਂ ਵੱਖੋ-ਵੱਖ ਭਾਸ਼ਾਵਾਂ ਵਿੱਚੋਂ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਈਰਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਇਸ ਨੂੰ ਸਿੱਖਾਂ ਦੀ ਧਾਰਮਿਕ ਭਾਸ਼ਾ ਹੋਣ ਦਾ ਮਾਣ ਵੀ ਹਾਸਲ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ।
ਬੋਲੀਆਂ ਨਾਲ ਸੰਬੰਧਿਤ ਇੱਕ ਵਿਸ਼ਵਗਿਆਨਕੋਸ਼ “ਐਥਨੋਲੋਗ” 2005 ਮੁਤਾਬਕ ਪੰਜਾਬੀ ਨੂੰ 8.8 ਕਰੋੜ ਲੋਕ ਬੋਲਦੇ ਹਨ, ਜਿਸ ਨਾਲ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਹੈ।
2008 ਵਿੱਚ ਪਾਕਿਸਤਾਨ ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿੱਚ 76,334,300 ਲੋਕ ਪੰਜਾਬੀ ਬੋਲਦੇ ਹਨ ਅਤੇ 2001 ਵਿੱਚ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ 29,102,477 ਲੋਕ ਪੰਜਾਬੀ ਬੋਲਦੇ ਹਨ। ਕੈਨੇਡਾ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਪੰਜਾਬੀ ਉੱਥੋਂ ਦੀ ਤੀਜੀ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ।
ਉਪ-ਬੋਲੀਆਂ ਦੀ ਜੇ ਗੱਲ ਕਰੀਏ, ਤਾਂ ਪੰਜਾਬੀ ਦੀਆਂ ਦੋ ਮੁੱਖ ਉਪ-ਬੋਲੀਆਂ ਹਨ – ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ। ਲਹਿੰਦੀ ਪੰਜਾਬੀ, ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਆਪਣੇ ਸੁਰ-ਵਿਗਿਆਨ ਕਰਕੇ ਅਜੋਕੀ ਹਿੰਦ-ਯੂਰਪੀ ਬੋਲੀਆਂ ਦੇ ਪਰਿਵਾਰ ਵਿੱਚੋਂ ਸਭ ਤੋਂ ਵੱਖਰੀ ਬੋਲੀ ਜਾਪਦੀ ਹੈ। ਪੰਜਾਬੀ ਦੀਆਂ ਕਈ ਉਪ-ਬੋਲੀਆਂ ਹਨ, ਪਰ ਮਾਝੀ ਨੂੰ ਸਭ ਤੋਂ ਅਮੀਰ ਉਪ-ਬੋਲੀ ਮੰਨਿਆ ਜਾਂਦਾ ਹੈ। ਇਹ ਉਪ-ਬੋਲੀ ਪੁਰਾਣੇ ਪੰਜਾਬ ਦੇ ਮਾਝਾ ਖ਼ਿੱਤੇ ਵਿੱਚ ਬੋਲੀ ਜਾਂਦੀ ਹੈ ਜਿਸ ਦਾ ਕੇਂਦਰ ਅਜੋਕੇ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਹੈ। ਇਸ ਉਪ-ਬੋਲੀ ਦੀ ਵਰਤੋਂ ਪੰਜਾਬੀ ਦੀਆਂ ਸਾਹਿਤਕ ਕਿਤਾਬਾਂ ਲਿਖਣ ਵਿੱਚ ਹੁੰਦੀ ਹੈ।
ਪੰਜਾਬੀ ਜ਼ਿਆਦਾਤਰ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਅਤੇ ਇਹ ਪਾਕਿਸਤਾਨੀ ਪੰਜਾਬ ਦੀ ਰਾਜ ਭਾਸ਼ਾ ਹੈ। ਪਾਕਿਸਤਾਨ ਦੇ 44.15% ਲੋਕ ਪੰਜਾਬੀ ਨੂੰ ਮਾਤ-ਭਾਸ਼ਾ ਦੇ ਵਜੋਂ ਬੋਲਦੇ ਹਨ ਅਤੇ 70.0% ਲੋਕ ਪੰਜਾਬੀ ਭਾਸ਼ਾ ਨੂੰ ਪਹਿਲੀ, ਦੂਸਰੀ ਅਤੇ ਕੁਝ ਤੀਸਰੀ ਭਾਸ਼ਾ ਵਜੋਂ ਬੋਲਦੇ ਹਨ।
ਭਾਰਤ ਵਿੱਚ 30 ਮਿਲੀਅਨ (3 ਕਰੋੜ) ਲੋਕ ਪੰਜਾਬੀ ਭਾਸ਼ਾ ਨੂੰ ਮਾਤ-ਭਾਸ਼ਾ ਅਤੇ ਪਹਿਲੀ, ਦੂਜੀ ਜਾਂ ਤੀਸਰੀ ਭਾਸ਼ਾ ਵਜੋਂ ਬੋਲਦੇ ਹਨ। ਪੰਜਾਬੀ ਭਾਸ਼ਾ ਭਾਰਤੀ ਰਾਜਾਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਮੁੱਖ ਭਾਸ਼ਾ ਹੈ। ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਵਿੱਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਲ ਹੈ। ਉੱਤਰੀ ਭਾਰਤ ਵਿੱਚ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ ਅਤੇ ਦਿੱਲੀ ਪ੍ਰਮੁੱਖ ਸ਼ਹਿਰੀ ਖੇਤਰ ਹਨ, ਜਿੱਥੇ ਪੰਜਾਬੀ ਬੋਲੀ ਜਾਂਦੀ ਹੈ।
ਹਰ ਭਾਸ਼ਾ ਨੂੰ ਲਿਖਣ ਲਈ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਵਰਤੀਆਂ ਜਾਂਦੀਆਂ ਹਨ। ਭਾਰਤ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਪੰਜਾਬੀ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਦੇ ਹਨ। ਪਾਕਿਸਤਾਨ (ਲਹਿੰਦੇ ਪੰਜਾਬ ਵਿੱਚ) ਸ਼ਾਹਮੁਖੀ ਲਿਪੀ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨੀਆ ਭਰ ਵਿੱਚ ਫੈਲ ਚੁੱਕੀ ਹੈ ਅਤੇ ਅੰਗਰੇਜ਼ੀ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕਰ ਰਹੀ ਹੈ। ਪੰਜਾਬੀ ਵਿੱਚ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਇਲਾਵਾ ਸਪੇਨੀ ਅਤੇ ਡੱਚ ਭਾਸ਼ਾ ਦੇ ਵੀ ਸ਼ਬਦ ਸ਼ਾਮਲ ਕੀਤੇ ਗਏ ਹਨ।
ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ। ਗੁਰੂ ਨਾਨਕ ਜੀ ਤੋਂ ਪਹਿਲਾਂ ਬਾਬਾ ਫ਼ਰੀਦ ਨੇ ਵੀ ਬਾਣੀ ਦੀ ਰਚਨਾ ਇਸੇ ਭਾਸ਼ਾ ਵਿੱਚ ਕੀਤੀ। ਨਾਥਾਂ, ਜੋਗੀਆਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਕਾਦਰਯਾਰ, ਸ਼ਾਹ ਮੁਹੰਮਦ, ਦਮੋਦਰ ਆਦਿ ਕਵੀਆਂ ਨੇ ਆਪਣੀ ਕਵਿਤਾ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ।
ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਦਿਆਲ ਸਿੰਘ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਹਰਭਜਨ ਸਿੰਘ ਆਦਿ ਲੇਖਕ ਇਸੇ ਭਾਸ਼ਾ ਸਦਕਾ ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ।
ਅੱਜ ਪੰਜਾਬੀ ਸੰਗੀਤ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਇਸ ਨੇ ਪੂਰੀ ਦੁਨੀਆ ਨੂੰ ਝੂਮਣ ਲਾ ਦਿੱਤਾ ਹੈ। ਯੱਮਲਾ ਜੱਟ, ਗੁਰਦਾਸ ਮਾਨ, ਕੁਲਦੀਪ ਮਾਣਕ, ਹੰਸ ਰਾਜ ਹੰਸ, ਰੱਬੀ ਸ਼ੇਰਗਿੱਲ, ਸੁਖਵਿੰਦਰ ਸਿੰਘ, ਸਤਿੰਦਰ ਸਰਤਾਜ, ਆਦਿ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਪੰਜਾਬੀ ਸੰਗੀਤ ਬਾਲੀਵੁੱਡ ਵਿੱਚ ਆਪਣੇ ਪੈਰ ਇਸ ਕਦਰ ਜਮਾ ਚੁੱਕਿਆ ਹੈ ਕਿ ਹਿੰਦੀ ਫ਼ਿਲਮਾਂ ਵਿੱਚ ਇਸ ਨੂੰ ਸ਼ਾਮਲ ਕਰਨਾ ਇੱਕ ਜ਼ਰੂਰਤ ਬਣ ਚੁੱਕਾ ਹੈ, ਜੋ ਪੰਜਾਬੀਆਂ ਲਈ ਇੱਕ ਮਾਣ ਵਾਲੀ ਗੱਲ ਹੈ।
February 21, 2018 — magnon