21ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਦਾ ਵਿਕਾਸ

ਪੰਜਾਬੀ ਭਾਸ਼ਾ ਜਾਣ-ਪਛਾਣ

ਪੰਜਾਬੀ ਭਾਸ਼ਾ ਭਾਰਤ ਦੀਆਂ ਪੁਰਾਤਨ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ, ਜਿਸ ਦੀ ਉਤਪਤੀ ਸੰਸਕ੍ਰਿਤ ਤੋਂ ਨਾ ਹੋ ਕੇ ਪਾਕ ਪ੍ਰਾਕਿਰਤ ਤੋਂ ਹੋਈ ਮੰਨੀ ਜਾਂਦੀ ਹੈ। ਪੰਜਾਬੀ ਭਾਸ਼ਾ ਦੇ ਤਕਰੀਬਨ 15 ਨਾਮ ਦੱਸੇ ਜਾਂਦੇ ਹਨ। ਇਸਨੂੰ ਸਪਤ-ਸਿੰਧੂ ਵੀ ਕਿਹਾ ਜਾਂਦਾ ਸੀ ਪਰ ਮੁਗਲਾਂ ਦੇ ਪੰਜਾਬ ਉੱਪਰ ਰਾਜ ਕਰਨ ਵੇਲੇ ਤੋਂ ਇਸ ਦਾ ਨਾਮ ਪੰਜਾਬੀ ਪੈ ਗਿਆ। ਇਸਦੀ ਲਿਪੀ ਦਾ ਜਨਮ ਬ੍ਰਹਮੀ ਲਿਪੀ ਤੋਂ ਹੋਇਆ ਹੈ। ਇਸ ਸਮੇਂ ਪੰਜਾਬੀ ਦੀਆਂ ਦੋ ਲਿਪੀਆਂ ਪ੍ਰਚਲਿਤ ਹਨ – ਗੁਰਮੁਖੀ ਲਿਪੀ ਅਤੇ ਸ਼ਾਹਮੁਖੀ ਲਿਪੀ। ਗੁਰਮੁਖੀ ਲਿਪੀ ਭਾਰਤੀ ਪੰਜਾਬ ਵਿੱਚ ਵਰਤੀ ਜਾਂਦੀ ਹੈ ਅਤੇ ਸ਼ਾਹਮੁਖੀ ਲਿਪੀ ਪਾਕਿਸਤਾਨੀ ਪੰਜਾਬ ਵਿੱਚ ਵਰਤੀ ਜਾਂਦੀ ਹੈ। ਪ੍ਰਿਸੀਪਲ ਸੰਤ ਸੇਖੋਂਂ ਅਨੁਸਾਰ ਪੰਜਾਬੀ ਭਾਸ਼ਾ ਦੀ ਪਹਿਲੀ ਰਚਨਾ ਅੱਦੇਮਾਨ (ਅਬਦੁਰ-ਰਹਮਾਨ) ਦੀ ‘ਸਨੇਹ ਰਾਸਕ’ ਹੈ। ਜਿਸਨੂੰ 9ਵੀਂ ਸਦੀ ਵਿੱਚ ਲਿਖਿਆ ਗਿਆ। ਪੰਜਾਬੀ ਭਾਸ਼ਾ ਵਿਸ਼ਵ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ 10ਵੇਂ ਸਥਾਨ ‘ਤੇ ਹੈ।

21ਵੀਂ ਸਦੀ ਵਿੱਚ ਪੰਜਾਬੀ ਭਾਸ਼ਾ

ਅੱਜ ਦੇ ਤਕਨਾਲੋਜੀ ਯੁੱਗ ਵਿੱਚ ਡਿਜੀਟਾਈਜੇਸ਼ਨ ਦਾ ਦੌਰ ਹੈ। ਜਿਸ ਕਾਰਨ ਭਾਸ਼ਾ ਦਾ ਡਿਜੀਟਲ ਪਲੇਟਫ਼ਾਰਮ ‘ਤੇ ਹੋਣਾ ਬਹੁਤ ਜਰੂਰੀ ਹੈ। ਇਸ ਨਾਲ ਇਸ ਦੇ ਵਰਤੋਂਕਾਰਾਂ ਦਾ ਘੇਰਾ ਵਿਸ਼ਾਲ ਹੁੰਦਾ ਹੈ ਅਤੇ ਭਾਸ਼ਾ ਸਮੇਂ ਦੇ ਹਾਣ ਦੀ ਹੋ ਜਾਂਦੀ ਹੈ। ਪੰਜਾਬੀ ਭਾਸ਼ਾ ਇਸ ਪੱਖੋਂ ਮੋਹਰੀ ਭਾਸ਼ਾਵਾਂ ਵਿੱਚ ਸ਼ੁਮਾਰ ਹੈ। 21ਵੀਂ ਸਦੀ ਅਲਪੀਕਰਨ ਦੀ ਸਦੀ ਹੈ ਇਸ ਵਿੱਚ ਹਰ ਚੀਜ਼ ਨੂੰ ਸਿਰਫ਼ ਵਰਤੋਂ ਦੇ ਪੱਖ ਤੋਂ ਦੇਖਿਆ ਜਾਂਦਾ ਹੈ। ਇਸ ਸਮੇਂ ਵਿੱਚ ਪੰਜਾਬੀ ਭਾਸ਼ਾ ਹਰ ਪੱਖ ਤੋਂ ਮਜ਼ਬੂਤ ਸਥਿਤੀ ਵਿੱਚ ਹੈ। ਇਹ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕਰ ਰਹੀ ਹੈ। 

ਪੰਜਾਬੀ ਭਾਸ਼ਾ ਵਿੱਚ ਟੂਲ

ਡਿਜੀਟਲ ਪਲੇਟਫ਼ਾਰਮ ‘ਤੇ ਪੰਜਾਬੀ ਭਾਸ਼ਾ ਕਾਫ਼ੀ ਤਰੱਕੀ ਕਰ ਰਹੀ ਹੈ। ਇਸ ਲਈ ਵਿੱਦਿਅਕ ਖੇਤਰ ਅਤੇ ਹੋਰ ਖੋਜ ਕਾਰਜਾਂ ਨੂੰ ਪ੍ਰਮੁੱਖ ਰੱਖ ਕੇ ਕਈ ਤਰ੍ਹਾਂ ਦੇ ਟੂਲ ਪੰਜਾਬੀ ਭਾਸ਼ਾ ਵਿੱਚ ਵਿਕਸਿਤ ਹੋ ਚੁੱਕੇ ਹਨ। ਇਹਨਾਂ ਟੂਲਾਂ ਦੀ ਵਰਤੋਂ ਵਿਦਿਆਰਥੀਆਂ, ਖੋਜਾਰਥੀਆਂ ਵੱਲੋਂ ਅਤੇ ਦਫ਼ਤਰਾਂ ਵਿੱਚ ਅਤੇ ਹੋਰ ਬਹੁਤ ਸਾਰੇ ਕਾਰਜਾਂ ਲਈ ਕੀਤੀ ਜਾਂਦੀ ਹੈ। ਇਹਨਾਂ ਨੂੰ ਵੱਖ-ਵੱਖ ਅਦਾਰਿਆਂ ਵੱਲੋਂ ਤਿਆਰ ਕੀਤਾ ਗਿਆ ਹੈ।

1.       ਪੰਜਾਬੀ ਭਾਸ਼ਾ ਸਿੱਖਣ ਲਈ ਵੈੱਬਸਾਈਟ

http://www.learnpunjabi.org/onlineresources.aspx

2.       ਡਿਕਸ਼ਨਰੀਆਂ ਅਤੇ ਭਾਸ਼ਾ ਵਿਗਿਆਨਿਕ ਸਰੋਤ

http://dic.learnpunjabi.org/Default.aspx
http://pupdepartments.ac.in/e2p/#

3.       ਪੰਜਾਬੀ ਟਾਈਪਿੰਗ ਅਤੇ ਪਰੂਫ਼ਰੀਡਿੰਗ ਟੂਲ (ਸੋਧਕ)

http://g2s.learnpunjabi.org/sodhak.aspx

4.       ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਮਸ਼ੀਨੀ ਅਨੁਵਾਦ ਲਈ ਟੂਲ

http://h2p.learnpunjabi.org/
http://www.learnpunjabi.org/p2h/default.aspx
https://ilmt.iiit.ac.in/ilmt/index.php

ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਬਣਾਏ ਗਏ ‘ਵਿਕਾਸ ਪੀਡੀਆ’ ਦੇ ਨਾਲ ਨਾਲ ‘ਪੰਜਾਬੀ ਪੀਡੀਆ’ ਅਤੇ ‘ਵਿਕੀਪੀਡੀਆ’ ਵਰਗੇ ਖੁੱਲ੍ਹੀ ਸਮੱਗਰੀ ਵਾਲੇ ਆਨਲਾਈਨ ਵਿਸ਼ਵਕੋਸ਼ ਉਪਲਬਧ ਹਨ।

ਸੋਸ਼ਲ ਮੀਡੀਆ ਅਤੇ ਪੰਜਾਬੀ ਭਾਸ਼ਾ

1990 ਦੇ ਆਰਥਿਕ ਸੁਧਾਰਾਂ ਦੇ ਨਾਲ-ਨਾਲ ਬਾਕੀ ਖੇਤਰਾਂ ਵਿੱਚ ਵੀ ਸੁਧਾਰ ਬੜੀ ਤੇਜ਼ੀ ਨਾਲ ਵਾਪਰੇ ਅਤੇ ਵਾਪਰ ਰਹੇ ਹਨ। ਇਹ ਸੁਧਾਰ ਸੰਚਾਰ ਸਾਧਨਾਂ ਵਿੱਚ ਬੜੀ ਤੇਜ਼ੀ ਅਤੇ ਕ੍ਰਾਂਤੀਕਾਰੀ ਤਰੀਕੇ ਨਾਲ ਹੋਏ ਹਨ। 21ਵੀਂ ਸਦੀ ਦੀ ਸ਼ੁਰੂਆਤ ਵਿੱਚ ਹੀ ਸੋਸ਼ਲ ਮੀਡੀਆ ਹੋਂਦ ਵਿੱਚ ਆ ਗਿਆ। ਫ਼ੇਸਬੁਕ, ਵੱਟਸਐਪ, ਯੂਟਿਊਬ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਵਿੱਟਰ ਉਹਨਾਂ ਵਿੱਚੋਂ ਕੁਝ ਪ੍ਰਮੁੱਖ ਸੋਸ਼ਲ ਨੈੱਟਵਰਕਾਂ ਦੇ ਉਦਾਹਰਨ ਹਨ। ਪੰਜਾਬ ਦੀ ਕੁੱਲ ਵਸੋਂ ਵਿੱਚੋਂ ਤਕਰੀਬਨ 70% ਪੰਜਾਬੀ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਵਿੱਚੋ ਲਗਭਗ ਸਾਰੇ ਹੀ ਇਹਨਾਂ ਸੋਸ਼ਲ ਮੀਡੀਆ ‘ਤੇ ਹਨ ਅਤੇ ਇਹਨਾਂ ਦੀ ਵਰਤੋਂ ਪੰਜਾਬੀ ਵਿੱਚ ਕਰਨ ਨੂੰ ਤਰਜੀਹ ਦਿੰਦੇ ਹਨ।

ਕੰਪਿਊਟਰੀ ਭਾਸ਼ਾ ਪ੍ਰਕਿਰਿਆਵਾਂ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ

ਕੰਪਿਊਟਰੀ ਭਾਸ਼ਾ ਪ੍ਰਕਿਰਿਆਵਾਂ ਤੋਂ ਭਾਵ NLP (ਐੱਨਐੱਲਪੀ) ਤੋਂ ਹੈ ਜਿਸਨੂੰ ਅੰਗਰੇਜ਼ੀ ਵਿੱਚ Natural Language Processing (ਨੈਚੂਰਲ ਲੈਂਗੂਏਜ ਪ੍ਰੋਸੈਸਿੰਗ) ਕਿਹਾ ਜਾਂਦਾ ਹੈ। ਇਹ Artificial intelligence (ਬਣਾਉਟੀ ਮਸ਼ੀਨੀ ਬੁੱਧੀ) ਦਾ ਇੱਕ ਭਾਗ ਹੈ ਜਿਸ ਦਾ ਕੰਮ ਕੰਪਿਊਟਰ ਨੂੰ ਮਨੁੱਖੀ ਭਾਸ਼ਾ ਸਿਖਾਉਣਾ ਹੁੰਦਾ ਹੈ। ਭਾਰਤ ਸਰਕਾਰ ਦੇ ਅਦਾਰੇ ਅਤੇ ਨਿੱਜੀ ਅਦਾਰੇ ਇਸ ਖੇਤਰ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਕੰਮ ਕਰ ਰਹੇ ਹਨ। ਗੂਗਲ ਅਸਿਸਟੈਂਟ, ਸਿਰੀ, ਅਲੈਕਸਾ ‘NLP’ ਦੀਆਂ ਉਦਾਹਰਨ ਹਨ। ਪੰਜਾਬੀ ਭਾਸ਼ਾ ਵਿੱਚ ਕਈ ਤਰ੍ਹਾਂ ਦੇ ਟੂਲ ਵਿਕਸਿਤ ਕੀਤੇ ਗਏ ਹਨ ਜੋ ਮਸ਼ੀਨੀ ਅਨੁਵਾਦ ਅਤੇ ‘NLP’ ਲਈ ਲਾਹੇਵੰਦ ਹਨ।

1. Grammar Checker

2. Morphological Analysis

3. POS Tagger

4. Phrase Chunker

5. Morph Entry

6. Lex Entry

7. Audacity

8. Natural Language Toolkit for Indic Languages (iNLTK)

9.Syntactic Parsers

ਇਹ ਉਪਰੋਕਤ ਟੂਲ ਹਨ ਜੋ ‘NLP’ ਦੇ ਵੱਖ-ਵੱਖ ਭਾਗਾਂ ਵਿੱਚ ਭਾਸ਼ਾ ਪ੍ਰਕਿਰਿਆ ਲਈ ਵਰਤੇ ਜਾਂਦੇ ਹਨ।

ਸਥਾਨੀਕਰਨ ਅਤੇ ਪੰਜਾਬੀ ਭਾਸ਼ਾ

21ਵੀਂ ਸਦੀ ਵਿੱਚ ਸਭ ਤੋਂ ਵੱਧ ਪ੍ਰਚਲਿਤ ਸ਼ਬਦ ‘ਸਥਾਨੀਕਰਨ’ ਹੈ। ਇਸ ਦਾ ਅਰਥ ਹੈ ਕਿ ਕਿਸੇ ਭਾਸ਼ਾ ਦਾ ਸਥਾਨਕ ਭਾਸ਼ਾ ਵਿੱਚ ਅਨੁਵਾਦ ਜਿਸਨੂੰ 6 ਸਾਲ ਦਾ ਬੱਚਾ ਵੀ ਸਮਝ ਸਕੇ। ‘ਸਥਾਨੀਕਰਨ’ ਜਿੱਥੇ ਭਾਸ਼ਾ ਦੇ ਵਰਤੋਂਕਾਰਾਂ ਲਈ ਲਾਹੇਵੰਦ ਹੈ ਉੱਥੇ ਇਹ ਡਿਜੀਟਲ ਖੇਤਰ ਵਿੱਚ ਕੰਮ ਕਰਦੇ ਵੱਖ-ਵੱਖ ਉਦਯੋਗਾਂ ਦੀ ਵੀ ਜ਼ਰੂਰਤ ਬਣ ਗਿਆ ਹੈ। ਕਿਉਂਕਿ ਅੱਜ ਹਰ ਖੇਤਰ ਡਿਜੀਟਲ ਯੁੱਗ ਵਿੱਚ ਦਾਖਲ ਹੋ ਗਿਆ ਹੈ। ਹੁਣ ਤੁਸੀਂ ਘਰ ਬੈਠੇ ਹੀ ਬਹੁਤ ਕੁਝ ਖਰੀਦ/ਵੇਚ ਵੀ ਸਕਦੇ ਹੋ ਅਤੇ ਉਸ ਲਈ ਭੁਗਤਾਨ ਵੀ ਲੈ/ਦੇ ਸਕਦੇ ਹੋ। ਵੱਖ-ਵੱਖ ਖਰੀਦਦਾਰੀ ਅਤੇ ਭੁਗਤਾਨ ਨਾਲ ਸੰਬੰਧੀ ਐਪਾਂ ਬਣਾਈਆਂ ਜਾ ਚੁੱਕੀਆਂ ਹਨ। ਇਸ ਲਈ ਵੱਖ-ਵੱਖ ਕੰਪਨੀਆਂ ਇਹਨਾਂ ਐਪਾਂ ਦੇ ‘ਸਥਾਨੀਕਰਨ’ ‘ਤੇ ਕੰਮ ਕਰ ਰਹੀਆਂ ਹਨ, ਤਾਂਕਿ ਉਪਭੋਗਤਾਵਾਂ ਨਾਲ ਨਿੱਜੀ ਸੰਪਰਕ ਸਥਾਪਤ ਕੀਤਾ ਜਾ ਸਕੇ। ਇਸ ਵਿੱਚ ਇੱਕ ਵੱਡਾ ਨਾਮ ‘ਗੂਗਲ’ ਦਾ ਹੈ। ਇਸ ਦੇ ਬਹੁਤ ਸਾਰੇ ਉਤਪਾਦਾਂ ਦਾ ਸਥਾਨੀਕਰਨ ਕੀਤਾ ਜਾ ਰਿਹਾ। ‘ਸਥਾਨੀਕਰਨ’ ਹੋਣ ਕਰਕੇ ਆਮ ਵਪਾਰੀ ਸਥਾਨਕ ਭਾਸ਼ਾ ਵਿੱਚ ਆਪਣੇ ਸਮਾਨ ਅਤੇ ਸੇਵਾਵਾਂ ਦੇ ਵਿਗਿਆਪਨ ਦੇ ਕੇ ਉਸਨੂੰ ਵੇਚ ਸਕਦੇ ਹਨ ਅਤੇ ਖਰੀਦਦਾਰ ਉਸ ਉਤਪਾਦ ਬਾਰੇ ਸਥਾਨਕ ਭਾਸ਼ਾ ਵਿੱਚ ਜਾਣਕਾਰੀ ਹਾਸਲ ਕਰਕੇ ਖਰੀਦ ਸਕਦੇ ਹਨ। ਦੂਜੀਆਂ ਭੁਗਤਾਨ ਸੰਬੰਧੀ ਐਪਾਂ ਹਨ, ਜਿਨ੍ਹਾਂ ਦੀ ਵਰਤੋਂ ਭੁਗਤਾਨ ਲਈ ਕੀਤੀ ਜਾਂਦੀ ਹੈ, Paytm, BHIM ਵਰਗੇ ਆਨਲਾਈਨ ਭੁਗਤਾਨ ਪਲੇਟਫ਼ਾਰਮ ਹਨ ਜੋ ਪੰਜਾਬੀ ਭਾਸ਼ਾ ਵਿੱਚ ਉਪਲਬਧ ਹਨ। ਐਂਡਰਾਇਡ ਫ਼ੋਨਾਂ ਵਿੱਚ  ਆਪਣੀ ਭਾਸ਼ਾ ਚੁਣਨ ਦਾ ਵਿਕਲਪ ਹੋਣ ਕਰਕੇ ਉਹਨਾਂ ਲੋਕਾਂ ਲਈ ਸਮਾਰਟ ਫ਼ੋਨ ਚਲਾਉਣਾ ਬਹੁਤ ਆਸਾਨ ਹੋ ਗਿਆ ਹੈ ਜੋ ਸਿਰਫ਼ ਸਥਾਨਕ ਭਾਸ਼ਾ ‘ਪੰਜਾਬੀ’ ਜਾਣਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ‘ਸਥਾਨੀਕਰਨ’ ਸੰਬੰਧੀ ਪੰਜਾਬੀ ਭਾਸ਼ਾ ਵਿੱਚ ਬਹੁਤ ਸਲਾਹੁਣਯੋਗ ਕੰਮ ਹੋ ਰਿਹਾ ਹੈ।

ਵਿਸ਼ਵ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ

ਪੰਜਾਬੀ ਭਾਸ਼ਾ ਸਿਰਫ਼ ਭਾਰਤੀ ਪੰਜਾਬ ਜਾਂ ਪਾਕਿਸਤਾਨੀ ਪੰਜਾਬ ਤੱਕ ਹੀ ਸੀਮਤ ਨਹੀਂ ਹੈ ਇਹ ਪੂਰੇ ਸੰਸਾਰ ਵਿੱਚ ਇੱਕ ਨਿਵੇਕਲੀ ਪਹਿਚਾਣ ਪ੍ਰਾਪਤ ਕਰ ਚੁੱਕੀ ਹੈ। ਪੂਰੇ ਸੰਸਾਰ ਵਿੱਚ ਤਕਰੀਬਨ 14 ਕਰੋੜ ਪੰਜਾਬੀ ਬੋਲਣ ਵਾਲੇ ਲੋਕ ਰਹਿੰਦੇ ਹਨ। ਕਨੇਡਾ ਵਿੱਚ ਪੰਜਾਬੀ ਭਾਸ਼ਾ ਦੂਜੇ ਨੰਬਰ ਦੀ ਭਾਸ਼ਾ ਬਣ ਗਈ ਹੈ। ਇਸੇ ਤਰ੍ਹਾਂ ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਪੇਨ, ਇਟਲੀ, ਜਰਮਨੀ ਅਤੇ ਅਰਬ ਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਹੈ। ਅੱਜ ਅਸੀਂ ਦੇਖ ਸਕਦੇ ਹਾਂ ਕਿ ਵੱਖ-ਵੱਖ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਨੁਮਾਇੰਦੇ ਚੁਣੇ ਜਾ ਰਹੇ ਹਨ। ਜਿਸ ਕਾਰਨ ਪੰਜਾਬੀ ਭਾਸ਼ਾ ਦਿਨੋ-ਦਿਨ ਤਰੱਕੀ ਕਰ ਰਹੀ ਹੈ। ਪੰਜਾਬੀ ਭਾਸ਼ਾ ਵਿੱਚ ਵਿਗਿਆਨ, ਤਕਨੀਕ, ਡਾਕਟਰੀ ਹਰ ਤਰ੍ਹਾਂ ਦੀ ਪੜ੍ਹਾਈ ਲਈ ਲੋੜੀਦੀਂ ਸਮੱਗਰੀ ਮੌਜੂਦ ਹੈ ਅਤੇ ਇਸ ਪਾਸੇ ਵੱਲ ਬਹੁਤ ਕੰਮ ਹੋ ਰਿਹਾ ਹੈ। ਪੰਜਾਬੀ ਭਾਸ਼ਾ ਦੇਸ਼ ਦੀਆਂ ਹੱਦਾਂ ਤੋਂ ਪਾਰ ਪੂਰੀ ਦੁਨੀਆ ਵਿੱਚ ਆਪਣੀ ਵਿਲੱਖਣ ਪਹਿਚਾਣ ਅਤੇ ਰੁਤਬਾ ਹਾਸਲ ਕਰ ਚੁੱਕੀ ਹੈ। 

ਸਾਰ-ਤੱਤ

ਉਪਰੋਕਤ ਚਰਚਾ ਤੋਂ ਅਸੀਂ ਦੇਖਿਆ ਹੈ ਕਿ ਪੰਜਾਬੀ ਭਾਸ਼ਾ ਆਧੁਨਿਕ ਤਕਨਾਲੋਜੀ ਵਿੱਚ ਵਿਕਾਸ ਕਰ ਰਹੀ ਹੈ ਅਤੇ ਇਸ ਦੀ ਵਰਤੋਂ ਕਰਕੇ ਨਵੀਆਂ ਲੀਹਾਂ ‘ਤੇ ਚੱਲ ਵੀ ਰਹੀ ਹੈ। ਪੰਜਾਬੀ ਭਾਸ਼ਾ ਬੋਲਣ ਅਤੇ ਵਰਤਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬੀ ਭਾਸ਼ਾ ਵਿੱਚ ਵੱਖ-ਵੱਖ ਟੂਲ ਉਪਲਬਧ ਹਨ ਜੋ ਭਾਸ਼ਾ ਦੇ ਆਧੁਨੀਕਰਨ ਦੀ ਪੁਸ਼ਟੀ ਕਰਦੇ ਹਨ। ਅੱਜ ਦੇ ਦੌਰ ਵਿੱਚ NLP ਸਭ ਤੋਂ ਵਧੇਰੇ ਕੀਤਾ ਜਾਣ ਵਾਲਾ ਤਕਨੀਕੀ ਭਾਸ਼ਾਈ ਕਾਰਜ ਹੈ ਪੰਜਾਬੀ ਭਾਸ਼ਾ ਵਿੱਚ NLP ਦੇ ਪੱਖ ਤੋਂ ਵੀ ਵਰਣਨਯੋਗ ਕੰਮ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਪੰਜਾਬੀ ਭਾਸ਼ਾ ਦੀ ਭਰਵੀਂ ਹਾਜ਼ਰੀ ਇਸਦੇ ਅਜੋਕੇ ਸੰਚਾਰੀ ਸਾਧਨਾਂ ਦੇ ਅਨੁਕੂਲ ਹੋਣ ਦੀ ਗਵਾਹੀ ਹੈ। ਅਸੀਂ ਬਿਨਾਂ ਸ਼ੱਕ ਇਹ ਕਹਿ ਸਕਦੇ ਹਾਂ ਕਿ 21ਵੀਂ ਸਦੀ ਦੇ ਤਕਨੀਕੀ ਯੁੱਗ ਵਿੱਚ ਪੰਜਾਬੀ ਭਾਸ਼ਾ ਸਮੇਂ ਦੀ ਹਾਣੀ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਪੰਜਾਬੀ ਭਾਸ਼ਾ ਹੋਰ ਉੱਭਰਵੇਂ ਰੂਪ ਵਿੱਚ ਸਾਹਮਣੇ ਆਵੇਗੀ।

Leave a Reply

Your email address will not be published. Required fields are marked *